Tuesday, January 25, 2011
ਸੇਵਾ ਇੰਝ ਵੀ : ਨੀਲੀ ਛੱਤ ਹੇਠਾਂ ਸੁੱਤੇ ਲੋਕਾਂ 'ਤੇ ਚੁੱਪ-ਚਪੀਤੇ ਪਾਏ ਕੰਬਲ
ਜੀ.ਡੀ. ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਨੇ ਬੇਘਰੇ ਲੋਕਾਂ ਨੂੰ ਕੰਬਲ ਵੰਡੇ-
ਆਨੰਦਪੁਰ ਸਾਹਿਬ : ਨਸ਼ਾਖੋਰੀ, ਭਰੂਣ ਹੱਤਿਆ ਅਤੇ ਪਲੀਤ ਹੋ ਰਹੇ ਵਾਤਾਵਰਣ ਪ੍ਰਤੀ ਨਿਵੇਕਲੇ ਰੂਪ 'ਚ ਜਾਗਰੂਕਤਾ ਮੁਹਿੰਮ ਚਲਾਉਣ ਵਾਲੀ ਜੀ.ਡੀ. ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਰਜਿ. ਆਨੰਦਪੁਰ ਸਾਹਿਬ ਵਲੋਂ 21 ਜਨਵਰੀ ਰਾਤ ਸੈਂਕੜੇ ਬੇਘਰੇ ਲੋਕਾਂ ਨੂੰ ਕੰਬਲ ਵੰਡੇ ਗਏ। ਆਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਦੇ ਰੇਲਵੇ ਸਟੇਸ਼ਨ, ਬੱਸ ਅੱਡੇ ਅਤੇ ਫ਼ੁੱਟਪਾਥਾਂ 'ਤੇ ਠੰਡੀ-ਯੱਖ਼ ਰਾਤ 'ਚ ਸੁੱਤੇ ਭਿਖਾਰੀਆਂ ਅਤੇ ਬੇਘਰੇ ਸਾਧੂਆਂ 'ਤੇ ਚੁੱਪ-ਚਪੀਤੇ ਕੰਬਲ ਪਾ ਦਿੱਤੇ ਗਏ। ਜੀ.ਡੀ. ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਵਲੋਂ ਇਹ ਉਪਰਾਲਾ ਆਪਣੇ ਮੈਂਬਰਾਂ ਅਤੇ ਸਹਿਯੋਗੀਆਂ ਦੀ ਮਦਦ ਨਾਲ ਕੀਤਾ ਗਿਆ।
ਸੁਸਾਇਟੀ ਦੇ ਪ੍ਰਧਾਨ ਗੁਰਮੀਤ ਸਿੰਘ ਬੈਂਸ ਅਤੇ ਜਨਰਲ ਸਕੱਤਰ ਦੀਪਕ ਸ਼ਰਮਾ ਦੀ ਅਗਵਾਈ 'ਚ ਮੈਂਬਰਾਂ ਨੇ ਇਕ ਗੱਡੀ 'ਚ ਕੰਬਲ ਰੱਖ ਕੇ ਰਾਤ ਦੇ ਕਰੀਬ 10 ਵਜੇ ਤੋਂ ਬਾਅਦ ਆਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਦੇ ਖੇਤਰ 'ਚ ਜਿਹੜੇ ਵੀ ਸੜਕ ਕੰਢੇ ਨੀਲੀ ਛੱਤ ਹੇਠਾਂ ਠੰਡ 'ਚ ਠੁਰ-ਠੁਰ ਕਰਦੇ ਸੁੱਤੇ ਲੋਕ ਦੇਖੇ, ਉਨ੍ਹਾਂ 'ਤੇ ਚੁੱਪ-ਚਪੀਤੇ ਹੀ ਕੰਬਲ ਪਾ ਦਿੱਤੇ। ਇਸ ਦਾ ਪਤਾ ਜਦੋਂ ਮੀਡੀਆ ਨੂੰ ਲੱਗਾ ਤਾਂ ਉਨ੍ਹਾਂ ਦੇ ਪੁੱਛਣ 'ਤੇ ਸੁਸਾਇਟੀ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਨੇ ਕਿਹਾ ਕਿ ਕੁਝ ਕੰਮ ਦਿਖਾਵੇ ਦੀ ਥਾਂ ਸੇਵਾ-ਭਾਵਨਾ ਅਤੇ ਸਮਾਜ 'ਚ ਕੁਝ ਕਰ ਦਿਖਾਉਣ ਦੀ ਭਾਵਨਾ ਨਾਲ ਕਰਨੇ ਚਾਹੀਦੇ ਹਨ, ਇਸ ਕਰਕੇ ਅਸੀਂ ਕੋਈ ਸਮਾਗਮ ਕਰਨ ਦੀ ਥਾਂ ਸਹੀ ਮਾਅਨਿਆਂ 'ਚ ਲੋੜਵੰਦ ਵਿਅਕਤੀਆਂ 'ਤੇ ਸੁੱਤਿਆਂ ਹੀ ਕੰਬਲ ਪਾਉਣ ਦਾ ਫ਼ੈਸਲਾ ਕੀਤਾ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਸੁਸਾਇਟੀ ਵਲੋਂ ਪੰਜਾਬ ਪੱਧਰ 'ਤੇ ਪ੍ਰਤਿੱਗਿਆ ਮੁਹਿੰਮ ਸਫ਼ਲਤਾ ਨਾਲ ਚੱਲ ਰਹੀ ਹੈ। ਇਸ ਦਾ ਅਸਰ ਵੀ ਸਾਫ਼ ਦਿਖਾਈ ਦੇਣ ਲੱਗਾ ਹੈ। ਇਸ ਮੌਕੇ ਉਨ੍ਹਾਂ ਨਾਲ ਸੁਸਾਇਟੀ ਦੇ ਪ੍ਰਧਾਨ ਗੁਰਮੀਤ ਸਿੰਘ ਬੈਂਸ, ਸੰਦੀਪ ਕੁਮਾਰ ਵਿੱਕੀ, ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ, ਤਲਵਿੰਦਰ ਸਿੰਘ ਬੁੱਟਰ, ਹਰਤੇਜ ਸਿੰਘ, ਅਤੇ ਹੋਰ ਮੈਂਬਰ ਵੀ ਹਾਜ਼ਰ ਸਨ।
Subscribe to:
Posts (Atom)