ਮੌਤ ਦਾ ਸਫਰ : ਉਤਰਾਖੰਡ ਵਿਚ ਕੁਦਰਤ ਦਾ ਅਜਿਹਾ ਕਹਿਰ ਵਰ੍ਹਿਆ ਕਿ ਧਰਮ ਦੀ ਯਾਤਰਾ 'ਤੇ ਨਿਕਲੇ ਲੋਕਾਂ ਲਈ ਇਹ ਮੌਤ ਦਾ ਸਫ਼ਰ ਬਣ ਨਿਬੜਿਆ। ਕਿਸੇ ਨੂੰ ਮੌਤ ਮਿਲੀ ਤੇ ਕਿਸੇ ਨੇ ਮੌਤ ਸਾਹਮਣੇ ਤੱਕੀ, ਕੋਈ ਮੌਤ ਦੇ ਮੂੰਹ 'ਚੋਂ ਮੁੜ ਆਇਆ ਤੇ ਕਿਸੇ ਦੇ ਕੋਲੋਂ ਹੱਥ ਛੁਡਾ ਕੇ ਉਸ ਦਾ ਕੋਈ ਆਪਣਾ ਮੌਤ ਦੇ ਮੂੰਹ 'ਚ ਜਾ ਸਮਾਇਆ। ਪਿਛਲੇ ਇਕ ਹਫ਼ਤੇ ਤੋਂ ਉਤਰਾਖੰਡ ਵਿਚ ਮੀਂਹ, ਮੀਂਹ ਤੋਂ ਬਾਅਦ ਹੜ੍ਹ ਅਤੇ ਬੱਦਲ ਫਟਣ ਵਰਗੀਆਂ ਘਟਨਾਵਾਂ ਕਾਰਨ 50 ਹਜ਼ਾਰ ਦੇ ਕਰੀਬ ਯਾਤਰੂ ਇਸ ਕਹਿਰ ਦੀ ਚਪੇਟ ਵਿਚ ਆ ਗਏ। ਜਿਹੜੇ ਮੁੜ ਆਏ ਉਹ ਪ੍ਰਮਾਤਮਾ ਦਾ ਸ਼ੁਕਰਾਨਾ ਕਰ ਰਹੇ ਹਨ ਤੇ ਭਾਰਤੀ ਫੌਜ ਨੂੰ ਸਲਿਊਟ। ਕੁਦਰਤ ਦੇ ਕਹਿਰ ਅੱਗੇ ਸਭ ਕੁਝ ਢੇਰ ਹੋ ਗਿਆ। ਕੋਈ ਨਦੀ ਨਾਲਾ ਅਜਿਹਾ ਨਹੀਂ ਸੀ ਜਿਸ ਵਿਚ ਮੌਤ ਬਣ ਕੇ ਪਾਣੀ ਨਾ ਵਗਿਆ ਹੋਵੇ। ਅਜੇ ਤਾਂ ਸਰਕਾਰੀ ਅੰਕੜੇ 150 ਦੇ ਕਰੀਬ ਹੀ ਮ੍ਰਿਤਕਾਂ ਦੀ ਗਿਣਤੀ ਦੱਸ ਰਹੇ ਹਨ ਪਰ ਸਭ ਕੁਝ ਜਦੋਂ ਮੁੜ ਲੀਹ 'ਤੇ ਪਰਤੇਗਾ ਤਦ ਤੱਕ ਮਰਨ ਵਾਲਿਆਂ ਦੀ ਗਿਣਤੀ ਹਜ਼ਾਰਾਂ ਨੂੰ ਟੱਪ ਜਾਵੇਗੀ ਕਿਉਂਕਿ ਪੰਜ ਹਜ਼ਾਰ ਤੋਂ ਵੱਧ ਲੋਕ ਲਾਪਤਾ ਹਨ। ਇਨ੍ਹਾਂ ਲਾਪਤਾ ਲੋਕਾਂ ਵਿਚੋਂ ਵਾਪਸ ਮੁੜਨ ਵਾਲਿਆਂ ਦੀ ਗਿਣਤੀ ਵਾਹਿਗੁਰੂ ਕਰੇ ਵੱਡੀ ਹੋਵੇ, ਪਰ ਅਜਿਹਾ ਹੁੰਦਾ ਨਜ਼ਰ ਨਹੀਂ ਆਉਂਦਾ। ਖੱਚਰਾਂ, ਘੋੜੇ ਆਦਿ ਸੈਂਕੜਿਆਂ ਦੀ ਗਿਣਤੀ ਵਿਚ ਪਾਣੀ ਜਾਂ ਮੌਤ ਦੀ ਖਾਈ ਵਿਚ ਜਾ ਸਮਾਏ, ਜੋ ਸ਼ਰਧਾਲੂ ਫੌਜ ਦੀ ਸਹਾਇਤਾ ਨਾਲ ਵਾਪਸ ਪਰਤੇ ਉਨ੍ਹਾਂ ਮੌਤ ਨੂੰ ਸਾਹਮਣੇ ਤੱਕਣ ਦਾ ਦਿਲ ਦਹਿਲਾ ਦੇਣ ਵਾਲਾ ਸੀਨ ਰੋ-ਰੋ ਬਿਆਨ ਕੀਤਾ। ਸੁਰੱਖਿਅਤ ਵਾਪਸ ਪਰਤਣ ਵਾਲਿਆਂ ਵਿਚ ਹਰਭਜਨ ਸਿੰਘ ਭਜੀ ਵੀ ਸ਼ਾਮਿਲ ਹੈ। ਅਜੇ ਵੀ ਬਚਾਅ ਕਾਰਜ ਜਾਰੀ ਹਨ ਤੇ ਆਸ ਹੈ ਫੌਜ ਵੱਡੀ ਗਿਣਤੀ ਵਿਚ ਫਸੇ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਬਚਾਅ ਲਵੇਗੀ। ਕੁਦਰਤ ਦੇ ਸਰੂਪ ਨੂੰ ਵਿਗਾੜ ਕੇ ਨਦੀਆਂ, ਨਾਲਿਆਂ ਦੇ ਕੰਢੇ 'ਤੇ ਬਣਾਏ ਹੋਟਲ, ਸਰਾਵਾਂ, ਦੁਕਾਨਾਂ ਅਤੇ ਕਈ ਮੰਜ਼ਿਲੇ ਮਕਾਨ ਅਤੇ ਇੰਝ ਹੀ ਪਹਾੜਾਂ ਨੂੰ ਚੀਰ ਕੇ ਬਣਾਈਆਂ ਚੌੜੀਆਂ ਸੜਕਾਂ, ਪਾਰਕਿੰਗਾਂ ਤੇ ਬਾਜ਼ਾਰ ਆਦਿ ਕੁਦਰਤ ਨਾਲ ਛੇੜਖਾਨੀ ਦਾ ਸਿੱਧਾ ਦ੍ਰਿਸ਼ ਬਿਆਨ ਕਰਦੇ ਸਨ ਤੇ ਜਿਸ ਦਿਨ ਹੁਣ ਕੁਦਰਤ ਨੇ ਛੇੜਖਾਨੀ ਕੀਤੀ ਤਦ ਮਨੁੱਖ ਦੇ ਹੱਥੀਂ ਬਣੀਆਂ ਇਮਾਰਤਾਂ, ਸੜਕਾਂ, ਗੱਡੀਆਂ ਤੇ ਮਨੁੱਖ ਖੁਦ ਵੀ ਮੁੱਠੀ 'ਚੋਂ ਰੇਤ ਵਾਂਗ ਕਿਰ ਗਿਆ ਤੇ ਪਾਣੀ ਸਭ ਕੁਝ ਵਹਾਅ ਕੇ ਲੈ ਗਿਆ। ਉਤਰਾਖੰਡ ਵਿਚ ਆਈ ਇਸ ਹਿਮਾਲਯ ਸੁਨਾਮੀ ਮੌਕੇ ਲਾਸ਼ਾਂ ਦੇ ਢੇਰ ਵਿਚੋਂ ਪੱਤੇ ਖਾ ਕੇ ਵੀ ਕੋਈ ਬੰਦਾ ਜਿਊਂਦਾ ਨਿਕਲ ਆਇਆ ਇਹ ਵੀ ਕੁਦਰਤ ਦਾ ਕ੍ਰਿਸ਼ਮਾ ਹੈ। ਇਸ ਮੌਤ ਦੇ ਸਫ਼ਰ ਦੀਆਂ ਦਰਦਨਾਕ ਤੇ ਫੌਜੀ ਸੇਵਾ ਨੂੰ ਸਲਿਊਟ ਕਰਨ ਵਾਲੀਆਂ ਤਸਵੀਰਾਂ ਨੂੰ ਵੇਖਦਿਆਂ ਗੱਚ ਭਰ ਆਉਂਦਾ ਹੈ। ਅਜਿਹਾ ਮੁੜ ਕਦੇ ਨਾ ਵਾਪਰੇ। -ਦੀਪਕ ਸ਼ਰਮਾ ਚਨਾਰਥਲ
No comments:
Post a Comment