Monday, May 2, 2022

ਮਾਂ ਬੋਲੀ ਪੰਜਾਬੀ ਦਾ ਸ਼ੁਦਾਈ ਪੁੱਤ-ਦੀਪਕ ਸ਼ਰਮਾ ਚਨਾਰਥਲ

 ਜਦੋਂ ਤੁਹਾਨੂੰ ਕੋਈ ਅਚਨਚੇਤ ਸੁਗਾਤ ਮਿਲ ਜਾਵੇ ਤਾਂ ਉਸਦਾ ਅਨੰਦ ਹੀ ਵੱਖਰਾ ਹੁੰਦਾ ਹੈ। ਅੱਜ ਮੈਨੂੰ ਜਦੋਂ ਸੋਖੀ ਸਾਹਬ ਦੀ ਕਸੀਦਕਾਰੀ ਸਦਕਾ ਭਾਸ਼ਾ ਵਿਭਾਗ ਵਲੋਂ ਇਹ ਸੁਗਾਤ ਮਿਲੀ ਤਦ ਮੈਨੂੰ ਚਾਅ ਚੜ੍ਹ ਗਿਆ। ਮੇਰੀ ਕਾਵਿ ਪੁਸਤਕ ‘ਜੜ੍ਹਾਂ’ ਵਿਚੋਂ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਮੇਰੇ ਇਕ ਸ਼ੇਅਰ ਨੂੰ ਜਗਤਾਰ ਸਿੰਘ ਸੋਖੀ ਜੀ ਨੇ ਇਕ ਬੋਲਦੀ ਤਸਵੀਰ ਦਾ ਰੂਪ ਦਿੱਤਾ ਤੇ ਉਸ ਤਸਵੀਰ ਨੂੰ ਭਾਸ਼ਾ ਵਿਭਾਗ ਨੇ ਆਪਣੇ ਫੇਸਬੁੱਕ ਪੇਜ਼ ’ਤੇ ਜਨਤਕ ਕਰ ਦਿੱਤਾ, ਤਦ ਮੈਨੂੰ ਕਈ ਮਿੱਤਰ ਪਿਆਰਿਆਂ ਦੇ ਵਧਾਈਆਂ ਭਰੇ ਸੁਨੇਹੇ ਆਉਣ ਲੱਗੇ। ਉਸ ਕਸੀਦਕਾਰੀ ਨੂੰ ਦੇਖ ਕੇ ਅਤੇ ਭਾਸ਼ਾ ਵਿਭਾਗ ਦੀ ਇਸ ਦਰਿਆਦਿਲੀ ਨੂੰ ਮੈਂ ਦਿਲੋ ਸਲਾਮ ਕਰਦਾ ਹਾਂ। ਪਹਿਲਾ ਧੰਨਵਾਦ ਸੋਖੀ ਸਾਹਬ ਦਾ, ਦੂਜਾ ਧੰਨਵਾਦ ਭਾਸ਼ਾ ਵਿਭਾਗ ਦਾ। ਮਾਂ ਬੋਲੀ ਪੰਜਾਬੀ ਦੇ ਮਾਣ-ਤਾਣ ਦੀ ਜੰਗ ਲੜਦੇ ਰਹਾਂਗੇ। ਮਾਂ ਬੋਲੀ ਪੰਜਾਬੀ ਦਾ ਸ਼ੁਦਾਈ ਪੁੱਤ-ਦੀਪਕ ਸ਼ਰਮਾ ਚਨਾਰਥਲ


‘ਜੜ੍ਹਾਂ ਤੋਂ ਟੁੱਟ ਕੇ ਦਰਖ਼ਤ ਕਦੀ ਹਰਾ ਨਹੀਂ ਰਹਿੰਦਾ।

ਮਾਂ ਬੋਲੀ ਤੋਂ ਮੁੱਖ ਮੋੜ ਕੇ, ਧੀ-ਪੁੱਤ ਫਿਰ ਖਰਾ ਨਹੀਂ ਰਹਿੰਦਾ।’

ਹਿੰਦੀ ਰਾਸ਼ਟਰੀ ਭਾਸ਼ਾ ਨਹੀਂ ਹੋਰ ਖੇਤਰੀ ਭਾਸ਼ਾਵਾਂ ਵਾਂਗ ਇਕ ਭਾਸ਼ਾ ਹੀ ਹੈ। ਮੈਂ ਸਭ ਭਾਸ਼ਾਵਾਂ ਦਾ ਸਨਮਾਨ ਕਰਦਾ ਹਾਂ, ਪਰ ਪੰਜਾਬੀ ਹੋਣ ’ਤੇ ਮਾਣ ਕਰਦਾ ਹਾਂ। ਮੇਰੀ ਮਾਂ ਬੋਲੀ ਪੰਜਾਬੀ ਜ਼ਿੰਦਾਬਾਦ -ਦੀਪਕ ਸ਼ਰਮਾ ਚਨਾਰਥਲ

Thursday, June 20, 2013

ਕੁਦਰਤ ਦਾ ਕਹਿਰ ਜਾਂ ਮਨੁੱਖ ਦੀ ਖੁਦ ਸਹੇੜੀ ਮੁਸੀਬਤ?

ਮੌਤ ਦਾ ਸਫਰ : ਉਤਰਾਖੰਡ ਵਿਚ ਕੁਦਰਤ ਦਾ ਅਜਿਹਾ ਕਹਿਰ ਵਰ੍ਹਿਆ ਕਿ ਧਰਮ ਦੀ ਯਾਤਰਾ 'ਤੇ ਨਿਕਲੇ ਲੋਕਾਂ ਲਈ ਇਹ ਮੌਤ ਦਾ ਸਫ਼ਰ ਬਣ ਨਿਬੜਿਆ। ਕਿਸੇ ਨੂੰ ਮੌਤ ਮਿਲੀ ਤੇ ਕਿਸੇ ਨੇ ਮੌਤ ਸਾਹਮਣੇ ਤੱਕੀ, ਕੋਈ ਮੌਤ ਦੇ ਮੂੰਹ 'ਚੋਂ ਮੁੜ ਆਇਆ ਤੇ ਕਿਸੇ ਦੇ ਕੋਲੋਂ ਹੱਥ ਛੁਡਾ ਕੇ ਉਸ ਦਾ ਕੋਈ ਆਪਣਾ ਮੌਤ ਦੇ ਮੂੰਹ 'ਚ ਜਾ ਸਮਾਇਆ। ਪਿਛਲੇ ਇਕ ਹਫ਼ਤੇ ਤੋਂ ਉਤਰਾਖੰਡ ਵਿਚ ਮੀਂਹ, ਮੀਂਹ ਤੋਂ ਬਾਅਦ ਹੜ੍ਹ ਅਤੇ ਬੱਦਲ ਫਟਣ ਵਰਗੀਆਂ ਘਟਨਾਵਾਂ ਕਾਰਨ 50 ਹਜ਼ਾਰ ਦੇ ਕਰੀਬ ਯਾਤਰੂ ਇਸ ਕਹਿਰ ਦੀ ਚਪੇਟ ਵਿਚ ਆ ਗਏ। ਜਿਹੜੇ ਮੁੜ ਆਏ ਉਹ ਪ੍ਰਮਾਤਮਾ ਦਾ ਸ਼ੁਕਰਾਨਾ ਕਰ ਰਹੇ ਹਨ ਤੇ ਭਾਰਤੀ ਫੌਜ ਨੂੰ ਸਲਿਊਟ। ਕੁਦਰਤ ਦੇ ਕਹਿਰ ਅੱਗੇ ਸਭ ਕੁਝ ਢੇਰ ਹੋ ਗਿਆ। ਕੋਈ ਨਦੀ ਨਾਲਾ ਅਜਿਹਾ ਨਹੀਂ ਸੀ ਜਿਸ ਵਿਚ ਮੌਤ ਬਣ ਕੇ ਪਾਣੀ ਨਾ ਵਗਿਆ ਹੋਵੇ। ਅਜੇ ਤਾਂ ਸਰਕਾਰੀ ਅੰਕੜੇ 150 ਦੇ ਕਰੀਬ ਹੀ ਮ੍ਰਿਤਕਾਂ ਦੀ ਗਿਣਤੀ ਦੱਸ ਰਹੇ ਹਨ ਪਰ ਸਭ ਕੁਝ ਜਦੋਂ ਮੁੜ ਲੀਹ 'ਤੇ ਪਰਤੇਗਾ ਤਦ ਤੱਕ ਮਰਨ ਵਾਲਿਆਂ ਦੀ ਗਿਣਤੀ ਹਜ਼ਾਰਾਂ ਨੂੰ ਟੱਪ ਜਾਵੇਗੀ ਕਿਉਂਕਿ ਪੰਜ ਹਜ਼ਾਰ ਤੋਂ ਵੱਧ ਲੋਕ ਲਾਪਤਾ ਹਨ। ਇਨ੍ਹਾਂ ਲਾਪਤਾ ਲੋਕਾਂ ਵਿਚੋਂ ਵਾਪਸ ਮੁੜਨ ਵਾਲਿਆਂ ਦੀ ਗਿਣਤੀ ਵਾਹਿਗੁਰੂ ਕਰੇ ਵੱਡੀ ਹੋਵੇ, ਪਰ ਅਜਿਹਾ ਹੁੰਦਾ ਨਜ਼ਰ ਨਹੀਂ ਆਉਂਦਾ। ਖੱਚਰਾਂ, ਘੋੜੇ ਆਦਿ ਸੈਂਕੜਿਆਂ ਦੀ ਗਿਣਤੀ ਵਿਚ ਪਾਣੀ ਜਾਂ ਮੌਤ ਦੀ ਖਾਈ ਵਿਚ ਜਾ ਸਮਾਏ, ਜੋ ਸ਼ਰਧਾਲੂ ਫੌਜ ਦੀ ਸਹਾਇਤਾ ਨਾਲ ਵਾਪਸ ਪਰਤੇ ਉਨ੍ਹਾਂ ਮੌਤ ਨੂੰ ਸਾਹਮਣੇ ਤੱਕਣ ਦਾ ਦਿਲ ਦਹਿਲਾ ਦੇਣ ਵਾਲਾ ਸੀਨ ਰੋ-ਰੋ ਬਿਆਨ ਕੀਤਾ। ਸੁਰੱਖਿਅਤ ਵਾਪਸ ਪਰਤਣ ਵਾਲਿਆਂ ਵਿਚ ਹਰਭਜਨ ਸਿੰਘ ਭਜੀ ਵੀ ਸ਼ਾਮਿਲ ਹੈ। ਅਜੇ ਵੀ ਬਚਾਅ ਕਾਰਜ ਜਾਰੀ ਹਨ ਤੇ ਆਸ ਹੈ ਫੌਜ ਵੱਡੀ ਗਿਣਤੀ ਵਿਚ ਫਸੇ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਬਚਾਅ ਲਵੇਗੀ। ਕੁਦਰਤ ਦੇ ਸਰੂਪ ਨੂੰ ਵਿਗਾੜ ਕੇ ਨਦੀਆਂ, ਨਾਲਿਆਂ ਦੇ ਕੰਢੇ 'ਤੇ ਬਣਾਏ ਹੋਟਲ, ਸਰਾਵਾਂ, ਦੁਕਾਨਾਂ ਅਤੇ ਕਈ ਮੰਜ਼ਿਲੇ ਮਕਾਨ ਅਤੇ ਇੰਝ ਹੀ ਪਹਾੜਾਂ ਨੂੰ ਚੀਰ ਕੇ ਬਣਾਈਆਂ ਚੌੜੀਆਂ ਸੜਕਾਂ, ਪਾਰਕਿੰਗਾਂ ਤੇ ਬਾਜ਼ਾਰ ਆਦਿ ਕੁਦਰਤ ਨਾਲ ਛੇੜਖਾਨੀ ਦਾ ਸਿੱਧਾ ਦ੍ਰਿਸ਼ ਬਿਆਨ ਕਰਦੇ ਸਨ ਤੇ ਜਿਸ ਦਿਨ ਹੁਣ ਕੁਦਰਤ ਨੇ ਛੇੜਖਾਨੀ ਕੀਤੀ ਤਦ ਮਨੁੱਖ ਦੇ ਹੱਥੀਂ ਬਣੀਆਂ ਇਮਾਰਤਾਂ, ਸੜਕਾਂ, ਗੱਡੀਆਂ ਤੇ ਮਨੁੱਖ ਖੁਦ ਵੀ ਮੁੱਠੀ 'ਚੋਂ ਰੇਤ ਵਾਂਗ ਕਿਰ ਗਿਆ ਤੇ ਪਾਣੀ ਸਭ ਕੁਝ ਵਹਾਅ ਕੇ ਲੈ ਗਿਆ। ਉਤਰਾਖੰਡ ਵਿਚ ਆਈ ਇਸ ਹਿਮਾਲਯ ਸੁਨਾਮੀ ਮੌਕੇ ਲਾਸ਼ਾਂ ਦੇ ਢੇਰ ਵਿਚੋਂ ਪੱਤੇ ਖਾ ਕੇ ਵੀ ਕੋਈ ਬੰਦਾ ਜਿਊਂਦਾ ਨਿਕਲ ਆਇਆ ਇਹ ਵੀ ਕੁਦਰਤ ਦਾ ਕ੍ਰਿਸ਼ਮਾ ਹੈ। ਇਸ ਮੌਤ ਦੇ ਸਫ਼ਰ ਦੀਆਂ ਦਰਦਨਾਕ ਤੇ ਫੌਜੀ ਸੇਵਾ ਨੂੰ ਸਲਿਊਟ ਕਰਨ ਵਾਲੀਆਂ ਤਸਵੀਰਾਂ ਨੂੰ ਵੇਖਦਿਆਂ  ਗੱਚ ਭਰ ਆਉਂਦਾ ਹੈ। ਅਜਿਹਾ ਮੁੜ ਕਦੇ ਨਾ ਵਾਪਰੇ।        -ਦੀਪਕ ਸ਼ਰਮਾ ਚਨਾਰਥਲ

Saturday, June 1, 2013

ਮੁੰਡਾ ਸਾਡਾ ਯਾਰੋ ਉਡਾਰੂ ਹੋ ਗਿਆ

ਮੁੰਡਾ ਸਾਡਾ ਯਾਰੋ ਉਡਾਰੂ ਹੋ ਗਿਆ।
ਇਹ ਏਸ ਉਮਰੇ ਹੀ ਸਭ 'ਤੇ ਭਾਰੂ ਹੋ ਗਿਆ।
ਕਹਿੰਦਾ ਬਾਪੂ ਮੈਂ ਤਾਂ ਪੰਜ ਪੱਤਣਾਂ ਦਾ ਤਾਰੂ ਹੋ ਗਿਆ॥

ਉਮਰ 10 ਦੀ ਹੈ ਤੇ ਇਹ ਸਾਡੇ ਪਰ ਤੋਲਦਾ।
ਕੜਾ,ਘੜੀ, ਚੈਨ, ਐਨਕ ਤੇ ਬਰੈੱਸਲੈੱਟ ਲੋੜਦਾ॥

ਬਚਪਨ ਦੀ ਪੁਲਾਂਘ ਦਿਲ 'ਚ ਖੁਸ਼ੀਆਂ ਪਾਉਂਦੀ ਹੈ।
ਹਰ ਸ਼ਰਾਰਤ ਬੱਚੇ ਦੀ ਮਾਪਿਆਂ ਦੇ ਮਨ ਭਾਉਂਦੀ ਹੈ।
ਪਰ ਸੱਚ ਜਾਣਿਓਂ ਯਾਰੋ,
ਜਿਉਂ ਜਿਉਂ ਵੱਡੇ ਹੋਣ ਜਵਾਕ,
ਮਾਪਿਆਂ ਨੂੰ ਚਿੰਤਾ ਸਤਾਉਂਦੀ ਹੈ।
ਮਾਪਿਆਂ ਨੂੰ ਚਿੰਤਾ ਸਤਾਉਂਦੀ ਹੈ॥...

ਦੀਪਕ ਸ਼ਰਮਾ ਚਨਾਰਥਲ
1-6-2013

Friday, May 3, 2013

ਬਾਦਲ ਸਾਹਬ ਮੈਂ ਸਰਬਜੀਤ ਬਣਾਂਗਾ,
ਮੈਂ ਵੀ ਦਾਰੂ ਪੀ ਕੇ ਬਾਰਡਰ ਲੰਘਾਂਗਾ।
ਮੇਰੀ ਧੀ ਨੂੰ ਤਹਿਸੀਲਦਾਰ ਬਣਾ ਦਿਓ,
ਮੇਰੀ ਲਾਸ਼ ਉਤੇ ਵੀ ਇਕ ਕਰੋੜ ਚੜ੍ਹਾ ਦਿਓ।
ਮੈਨੂੰ ਵੀ ਭਗਤ ਸਿੰਘ ਤੇ ਸਰਾਭਾ ਬਣਾ ਦਿਓ,
ਮੈਨੂੰ ਵੀ ਕੌਮੀ ਸ਼ਹੀਦ ਦਾ ਦਰਜਾ ਦਿਵਾ ਦਿਓ॥


''ਓ ਵੋਟਾਂ ਦੇ ਵਪਾਰੀਓ ਨਾ ਕਰੋ ਸ਼ਹਾਦਤ ਦਾ ਅਪਮਾਨ।
ਇੰਝ ਸਿਆਸਤ ਦੀ ਮੰਡੀ 'ਚ ਸ਼ਹੀਦੀ ਨੂੰ ਨਾ ਕਰੋ ਨਿਲਾਮ॥''

ਸਰਬਜੀਤ ਨਾਲ ਜੋ ਵਾਪਰਿਆ ਉਹ ਬਹੁਤ ਦੁੱਖਦਾਇਕ ਹੈ। ਉਸ ਦੀ ਜਿਵੇਂ ਮੌਤ ਹੋਈ, ਉਸ ਦਾ ਬਹੁਤ ਅਫ਼ਸੋਸ ਹੈ, ਪਰ ਸਰਬਜੀਤ ਦੀ ਮੌਤ ਦਾ ਜਿਵੇਂ ਸਿਆਸੀਕਰਨ ਹੋਇਆ, ਉਹ ਚਿੰਤਾ ਦੀ ਗੱਲ ਹੈ। ਸਮਝ ਨਹੀਂ ਆਉਂਦੀ ਕਿ ਉਸ ਨੂੰ ਕੌਮੀ ਸ਼ਹੀਦ ਦਾ ਦਰਜਾ ਦੇ ਕੇ ਇਹ ਸਿਆਸੀ ਧਿਰਾਂ ਸਰਬਜੀਤ ਦਾ ਸਨਮਾਨ ਕਰ ਰਹੀਆਂ ਹਨ ਜਾਂ ਭਗਤ ਸਿੰਘ, ਸਰਾਭਾ ਤੇ ਚੰਦਰ ਸ਼ੇਖਰ ਆਜ਼ਾਦ ਵਰਗੇ ਸ਼ਹੀਦਾਂ ਦਾ ਅਪਮਾਨ।         - ਦੀਪਕ ਸ਼ਰਮਾ ਚਨਾਰਥਲ                                  


Saturday, October 27, 2012

ਅਲਵਿਦਾ ਭੱਟੀ ਸਾਹਿਬ

ਭਟਕਿਆਂ ਨੂੰ ਰਾਹ 'ਤੇ ਲਿਆਉਣ ਵਾਲਾ ਭੱਟੀ।
ਹੱਸਦਿਆਂ-ਹੱਸਦਿਆਂ ਕਰ ਗਿਆ ਸਾਡੇ ਨਾਲ ਕੱਟੀ॥

ਤੂੰ ਤਾਂ ਲੋਕਾਂ ਦੀ ਆਵਾਜ਼ ਬਣ ਹਾਸਿਆਂ ਦਾ ਪਿਟਾਰਾ ਸੀ।
ਕਲਾਕਾਰਾਂ 'ਚੋਂ ਕਲਾਕਾਰ, ਇਨਸਾਨਾਂ 'ਚੋਂ ਇਨਸਾਨ ਨਿਆਰਾ ਸੀ॥

ਹੁਣ ਕੌਣ ਗਲਤ ਨੂੰ ਉਲਟੇ-ਪੁਲਟੇ ਅੰਦਾਜ਼ 'ਚ ਸ਼ੀਸ਼ਾ ਵਿਖਾਵੇਗਾ।
ਕਾਮੇਡੀਅਨ ਬਹੁਤ ਜੰਮਣੇ, ਪਰ ਭੱਟੀ ਕਦੀ ਮੁੜ ਕੇ ਨਹੀਂ ਆਵੇਗਾ॥

ਕਾਮੇਡੀ ਕਿੰਗ ਤੇ ਵਿਅੰਗਮਈ ਅੰਦਾਜ਼ ਵਾਲੇ ਉਘੇ ਸਮਾਜਸੁਧਾਰਕ ਜਸਪਾਲ ਭੱਟੀ ਜੀ ਨਾਲ ਫੀਫਾ ਐਵਾਰਡ ਦੇ ਲਾਂਚਿੰਗ ਪ੍ਰੋਗਰਾਮ ਦੌਰਾਨ ਮੇਰੇ ਨਾਲ ਉਨ੍ਹਾਂ ਦੀ ਉਹ ਤਸਵੀਰ ਜੋ ਹੁਣ ਯਾਦਗਾਰ ਤਸਵੀਰ ਬਣ ਗਈ ਹੈ।

ਅਲਵਿਦਾ ਭੱਟੀ ਸਾਹਿਬ
                                       ਦੀਪਕ ਸ਼ਰਮਾ ਚਨਾਰਥਲ