Tuesday, August 3, 2010

ਨਾ ਸੰਭਲੇ ਤਾਂ ਧਰਤੀ ਬਣ ਜਾਵੇਗੀ ਸਮਸ਼ਾਨਘਾਟ


ਸਮਾਜਿਕ ਚੇਤਨਾ ਲਈ ਸਮਸ਼ਾਨਘਾਟ ਤੋਂ ਹੋਕਾ
੦ ਜੀ.ਡੀ.ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਵਲੋਂ ਨਸ਼ਾਖੋਰੀ, ਭਰੂਣ ਹੱਤਿਆ ਤੇ ਵਾਤਾਵਰਣ ਦੀ ਬਰਬਾਦੀ ਵਿਰੁੱਧ ਸੈਮੀਨਾਰ
੦ ਪਾਣੀ ਅਤੇ ਵਾਤਾਵਰਣ ਬਚਾਉਣ ਦਾ ਸੁਨੇਹਾ ਦਿੰਦਿਆਂ ਵੰਡੇ ਬੂਟੇ
ਫ਼ਤਿਹਗੜ੍ਹ ਸਾਹਿਬ: ਨਸ਼ਾਖੋਰੀ, ਭਰੂਣ ਹੱਤਿਆ ਰੋਕਣ ਅਤੇ ਵਾਤਾਵਰਣ ਨੂੰ ਬਚਾਉਣ ਲਈ ਪੰਜਾਬ ਪੱਧਰ 'ਤੇ ਕੰਮ ਕਰ ਰਹੀ ਜੀ.ਡੀ. ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਨੇ ਸਮਸ਼ਾਨਘਾਟ ਤੋਂ ਜ਼ਿੰਦਗੀ ਬਚਾਉਣ ਦਾ ਹੋਕਾ ਦਿੱਤਾ। ਜ਼ਿਲ੍ਹੇ ਦੇ ਸਭ ਤੋਂ ਵੱਡੇ ਪਿੰਡ ਚਨਾਰਥਲ ਕਲ੍ਹਾਂ ਦੇ ਸਮਸ਼ਾਨਘਾਟ 'ਚ ਸੁਸਾਇਟੀ ਵਲੋਂ ਨਿਵੇਕਲੇ ਸੈਮੀਨਾਰ ਰਾਹੀਂ ਲੋਕਾਂ ਨੂੰ ਜਾਗ੍ਰਿਤ ਹੋਣ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਪ੍ਰਤਿੱਗਿਆ ਮੁਹਿੰਮ ਤਹਿਤ 120 ਤੋਂ ਵਧੇਰੇ ਲੋਕਾਂ ਨੂੰ ਫ਼ਲਦਾਰ ਅਤੇ ਛਾਂਦਾਰ ਬੂਟੇ ਵੰਡੇ ਗਏ। ਸੁਸਾਇਟੀ ਦੇ ਅਹੁਦੇਦਾਰਾਂ ਤੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਜ਼ੋਰ ਦੇ ਕੇ ਆਖਿਆ ਕਿ ਜੇਕਰ ਅਸੀਂ ਨਸ਼ਾਖੋਰੀ ਅਤੇ ਭਰੂਣ ਹੱਤਿਆ ਨਾ ਰੋਕੀ ਅਤੇ ਪਾਣੀ ਤੇ ਵਾਤਾਵਰਣ ਦੀ ਸੰਭਾਲ ਨਾ ਕੀਤੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਰੀ ਧਰਤੀ ਹੀ ਸ਼ਮਸ਼ਾਨਘਾਟ ਬਣ ਜਾਵੇਗੀ। ਸਮਾਜਿਕ ਚੇਤਨਾ ਤਹਿਤ ਕਰਵਾਏ ਗਏ ਇਸ ਵਿਲੱਖਣ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪਿੰਡ ਚਨਾਰਥਲ ਕਲਾਂ ਦੇ ਸਰਪੰਚ ਸ਼ਰਨਜੀਤ ਸਿੰਘ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਪਰਮਪਾਲ ਸਿੰਘ ਅਤੇ ਮੁਲਾਜ਼ਮ ਆਗੂ ਕ੍ਰਿਸ਼ਨ ਲਾਲ ਨੇ ਨਸ਼ਾਖੋਰੀ ਲਈ ਬੇਰੁਜ਼ਗਾਰੀ ਨੂੰ ਦੋਸ਼ੀ ਕਰਾਰ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਨਸ਼ਾਖੋਰੀ ਨੂੰ ਠੱਲ੍ਹ ਪਾਉਣ ਲਈ ਸਰਕਾਰ ਦੀ ਇਖਲਾਕੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਰੁਜ਼ਗਾਰ ਦੇ ਵੱਧ ਤੋਂ ਵੱਧ ਵਸੀਲੇ ਪੈਦਾ ਕਰੇ, ਤਾਂ ਜੋ ਨੌਜਵਾਨ ਵਿਹਲੇ ਨਾ ਰਹਿਣ। ਇਨ੍ਹਾਂ ਬੁਲਾਰਿਆਂ ਨੇ ਜਿੱਥੇ ਜੀ.ਡੀ. ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ, ਉਥੇ ਪਿੰਡ ਵਾਸੀਆਂ ਅਤੇ ਪੰਚਾਇਤ ਨੇ ਸੁਸਾਇਟੀ ਦੀ ਹਰ ਤਰ੍ਹਾਂ ਨਾਲ ਸਹਾਇਤਾ ਕਰਨ ਦਾ ਵਾਅਦਾ ਵੀ ਕੀਤਾ।
ਇਸ ਮੌਕੇ ਸੁਸਾਇਟੀ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਨੇ ਪਾਣੀ ਨੂੰ ਬਚਾਉਣ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਅੱਜ ਹਰ ਪੰਜਾਬੀ ਦਾ ਫ਼ਰਜ਼ ਬਣਦਾ ਹੈ ਕਿ ਉਹ ਪਾਣੀ ਬਚਾਉਣ ਲਈ ਜੁਟ ਜਾਵੇ, ਕਿਉਂਕਿ ਅੱਜ ਜੋ ਹਾਲਾਤ ਹਨ, ਉਨ੍ਹਾਂ ਅਨੁਸਾਰ 2025 ਤੱਕ ਧਰਤੀ ਹੇਠਲਾ ਪਾਣੀ ਮੁੱਕ ਜਾਵੇਗਾ। ਉਨ੍ਹਾਂ ਅੰਕੜਿਆਂ ਨਾਲ ਖੁਲਾਸਾ ਕਰਦਿਆਂ ਦੱਸਿਆ ਕਿ ਅੱਜ ਵੀ ਪੰਜਾਬ ਦੇ 141 ਬਲਾਕਾਂ ਵਿਚੋਂ 108 ਬਲਾਕ ਖ਼ਤਰਨਾਕ ਹਾਲਤ 'ਚ ਪਹੁੰਚ ਗਏ ਹਨ। ਪਾਣੀ ਬਚਾਉਣ ਦੇ ਨਾਲ-ਨਾਲ ਉਨ੍ਹਾਂ ਭਰੂਣ ਹੱਤਿਆ ਰੋਕਣ ਅਤੇ ਨਸ਼ਿਆਂ ਤੋਂ ਨੌਜਵਾਨੀ ਨੂੰ ਬਚਾਉਣ ਲਈ ਵੱਖੋ-ਵੱਖ ਧਾਰਮਿਕ, ਸਮਾਜਿਕ ਅਤੇ ਪੰਚਾਇਤੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਹੋਰ ਗੱਲਾਂ ਤੋਂ ਧਿਆਨ ਹਟਾ ਕੇ ਪਿੰਡ ਪੱਧਰ 'ਤੇ ਜਵਾਨੀ ਨੂੰ ਬਚਾਉਣ ਦੇ ਉਪਰਾਲੇ ਕਰਨ। ਦੀਪਕ ਸ਼ਰਮਾ ਨੇ ਸੰਬੋਧਨ ਕਰਦਿਆਂ ਜ਼ੋਰਦਾਰ ਢੰਗ ਨਾਲ ਕਿਹਾ ਕਿ ਅਸੀਂ ਸਮਸ਼ਾਨਘਾਟ 'ਚ ਸਮਾਗਮ ਰੱਖ ਕੇ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਜੇਕਰ ਨਸ਼ੇ, ਭਰੂਣ ਹੱਤਿਆ ਅਤੇ ਵਾਤਾਵਰਣ ਦੀ ਬਰਬਾਦੀ ਅਸੀਂ ਸਮੇਂ ਸਿਰ ਨਾ ਰੋਕੀ ਤਾਂ ਜ਼ਿੰਦਗੀ ਦੇ ਅੰਤਮ ਪੜ੍ਹਾਅ ਸਮਸ਼ਾਨਘਾਟ 'ਚ ਅਸੀਂ ਸਮੇਂ ਤੋਂ ਪਹਿਲਾਂ ਪਹੁੰਚ ਜਾਵਾਂਗੇ।
ਜ਼ਿਕਰਯੋਗ ਹੈ ਕਿ ਇਹ ਸ਼ਾਇਦ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਹੋਵੇ ਕਿ ਸਮਾਜਿਕ ਚੇਤਨਾ ਲਈ ਸਮਸ਼ਾਨਘਾਟ 'ਚ ਕੋਈ ਇਕੱਤਰਤਾ ਕੀਤੀ ਗਈ ਹੋਵੇ। ਇਸ ਵਿਲੱਖਣ ਸਮਾਜਿਕ ਚੇਤਨਾ ਸਮਾਗਮ ਦੇ ਅਖੀਰ 'ਚ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਸੁਸਾਇਟੀ ਦੇ ਪ੍ਰਧਾਨ ਗੁਰਮੀਤ ਸਿੰਘ ਬੈਂਸ, ਸੀਨੀਅਰ ਮੈਂਬਰ ਤਲਵਿੰਦਰ ਸਿੰਘ ਬੁੱਟਰ ਅਤੇ ਹਰਤੇਜ ਸਿੰਘ ਨੇ ਫ਼ਲਦਾਰ ਅਤੇ ਛਾਂਦਾਰ ਬੂਟੇ ਵੰਡੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਸ਼ਰਨਜੀਤ ਸਿੰਘ, ਪਰਮਪਾਲ ਸਿੰਘ, ਪੰਚ ਕ੍ਰਿਸ਼ਨ ਲਾਲ, ਪੰਚ ਇੰਦਰਪਾਲ ਸਿੰਘ, ਪੰਚ ਅਵਤਾਰ ਸਿੰਘ, ਪੰਚ ਹਰਜੀਤ ਸਿੰਘ, ਪੰਚ ਪਰਮਜੀਤ ਸਿੰਘ, ਅਵਤਾਰ ਸਿੰਘ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਨੰਬਰਦਾਰ ਜਗਦੀਪ ਸਿੰਘ, ਜਿਊਲਰ ਕੇਵਲ ਕ੍ਰਿਸ਼ਨ, ਬਲਵਿੰਦਰ ਕੁਮਾਰ, ਸੰਦੀਪ ਕੁਮਾਰ ਅਤੇ ਅਮਨਦੀਪ ਸਿੰਘ ਆਦਿ ਵੀ ਹਾਜ਼ਰ ਸਨ।

No comments:

Post a Comment